ਨਾਭਾ ਰਿਆਸਤ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਨਾਭਾ ਰਿਆਸਤ: ਇਸ ਦੀ ਸਥਾਪਨਾ ਬਾਬਾ ਫੂਲ ਦੇ ਵੱਡੇ ਪੁੱਤਰ ਚੌਧਰੀ ਤਿਲੋਕੇ (ਤਿਲੋਕ ਸਿੰਘ) ਦੇ ਵੰਸ਼ਜ ਰਾਜਾ ਹਮੀਰ ਸਿੰਘ ਨੇ ਸੰਨ 1755 ਈ. ਵਿਚ ਕੀਤੀ। ਇਸ ਤੋਂ ਪਹਿਲਾਂ ਇਸ ਦਾ ਦਾਦਾ ਚੌਧਰੀ ਗੁਰਦਿੱਤ ਸਿੰਘ ਇਕ ਪ੍ਰਤਾਪੀ ਸਰਦਾਰ ਸੀ। ਉਸ ਨੇ ਕਾਫ਼ੀ ਇਲਾਕੇ ਜਿਤ ਕੇ ਆਪਣੀ ਜਾਗੀਰ ਵਿਚ ਵਾਧਾ ਕੀਤਾ ਸੀ। ਸਰਹਿੰਦ ਦੀ ਜਿਤ ਤੋਂ ਬਾਦ ਹਮੀਰ ਸਿੰਘ ਨੂੰ ਅਮਲੋਹ ਦਾ ਇਲਾਕਾ ਮਿਲਿਆ ਅਤੇ ਬਾਦ ਵਿਚ ਰੋੜੀ ਦਾ ਇਲਾਕਾ ਵੀ ਮਲਿਆ।

ਦਸੰਬਰ 1783 ਈ. ਵਿਚ ਰਾਜਾ ਹਮੀਰ ਸਿੰਘ ਦੀ ਮ੍ਰਿਤੂ ਤੋਂ ਬਾਦ ਉਸ ਦਾ ਅੱਠ ਸਾਲਾਂ ਦਾ ਪੁੱਤਰ ਰਾਜਾ ਜਸਵੰਤ ਸਿੰਘ ਗੱਦੀ ਉਤੇ ਬੈਠਾ। ਉਸ ਦੇ ਬਾਲਗ ਹੋਣ ਤਕ ਉਸ ਦੀ ਮਤਰੇਈ ਮਾਂ ਰਾਨੀ ਦੇਸਾਂ ਨੇ ਰਾਜ ਦਾ ਪ੍ਰਬੰਧ ਬੜੀ ਸੁਚਜਤਾ ਨਾਲ ਚਲਾਇਆ ਅਤੇ ਭੰਗੀ ਅਤੇ ਕਨ੍ਹੀਆ ਮਿਸਲਾਂ ਦੇ ਸਰਦਾਰਾਂ ਦੀ ਮਦਦ ਨਾਲ ਜੀਂਦ ਦੇ ਰਾਜਾ ਗਜਪਤਿ ਸਿੰਘ ਵਲੋਂ ਦਬਾਏ ਇਲਾਕਿਆਂ ਨੂੰ ਫਿਰ ਤੋਂ ਆਪਣੇ ਅਧਿਕਾਰ ਵਿਚ ਲਿਆਉਂਦਾ। ਇਸ ਨੇ ਮਈ 1809 ਈ. ਵਿਚ ਅੰਗ੍ਰੇਜ਼ਾਂ ਦੀ ਸਰਪ੍ਰਸਤੀ ਹਾਸਲ ਕਰ ਲਈ ਅਤੇ ਸੰਨ 1814 ਈ. ਵਿਚ ਕਾਬੁਲ ਦੀ ਮੁਹਿਮ ਵਿਚ ਅੰਗ੍ਰੇਜ਼ਾਂ ਦਾ ਸਾਥ ਦਿੱਤਾ। 22 ਮਈ 1840 ਈ. ਵਿਚ ਜਸਵੰਤ ਸਿੰਘ ਦੀ ਮ੍ਰਿਤੂ ਤੋਂ ਬਾਦ ਉਸ ਦਾ ਲੜਕਾ ਦੇਵਿੰਦਰ ਸਿੰਘ ਗੱਦੀ ਉਤੇ ਬੈਠਾ। ਉਹ ਸੂਧੇ ਸੁਭਾ ਦਾ ਲਾਈਲਗ ਪ੍ਰਸ਼ਾਸਕ ਸੀ ਅਤੇ ਅਧਿਕਤਰ ਬ੍ਰਾਹਮਣਾਂ ਦੁਆਰਾ ਘਿਰਿਆ ਰਹਿੰਦਾ ਸੀ। ਅੰਗ੍ਰੇਜ਼ਾਂ ਦੀ ਸਿੱਖਾਂ ਨਾਲ ਹੋਈ ਪਹਿਲੀ ਲੜਾਈ ਵਿਚ ਇਸ ਨੇ ਲਾਹੌਰ ਦਰਬਾਰ ਨਾਲ ਹਮਦਰਦੀ ਜਤਾਈ, ਜਿਸ ਦੇ ਫਲਸਰੂਪ ਲੜਾਈ ਤੋਂ ਬਾਦ ਇਸ ਨੂੰ ਸੰਨ 1846 ਈ. ਵਿਚ ਗੱਦੀਓਂ ਲਾਹ ਕੇ ਅਤੇ ਪੰਜਾਹ ਹਜ਼ਾਰ ਦੀ ਪੈਨਸ਼ਨ ਦੇ ਕੇ ਮਥੁਰਾ ਭੇਜ ਦਿੱਤਾ ਗਿਆ ਅਤੇ ਰਿਆਸਤ ਦਾ ਚੌਥਾ ਹਿੱਸਾ ਜ਼ਬਤ ਕਰ ਲਿਆ ਗਿਆ। ਸੰਨ 1865 ਈ. ਵਿਚ ਉਸ ਦਾ ਦੇਹਾਂਤ ਹੋ ਗਿਆ।

ਜਨਵਰੀ 1847 ਈ. ਵਿਚ ਰਾਜਾ ਦੇਵਿੰਦਰ ਸਿੰਘ ਦੇ ਸੱਤ ਸਾਲ ਦੇ ਲੜਕੇ ਟਿੱਕਾ ਭਰਪੂਰ ਸਿੰਘ ਨੂੰ ਗੱਦੀ ਉਤੇ ਬਿਠਾਇਆ ਗਿਆ। ਉਸ ਦੇ ਬਾਲਗ਼ ਹੋਣ ਤਕ ਹਕੂਮਤ ਦਾ ਪ੍ਰਬੰਧ ਤਿੰਨ ਅਧਿਕਾਰੀਆਂ ਦੀ ਕੌਂਸਲ ਨੇ ਚਲਾਇਆ। ਸੰਨ 1857 ਈ. ਦੇ ਗ਼ਦਰ ਵੇਲੇ ਇਸ ਨੇ ਬ੍ਰਿਟਿਸ਼ ਸਰਕਾਰ ਦੀ ਬਹੁਤ ਮਦਦ ਕੀਤੀ ਜਿਸ ਦੇ ਇਵਜ਼ਾਨੇ ਵਜੋਂ ਲੁਧਿਆਣਾ ਅਤੇ ਫ਼ਿਰੋਜ਼ਪੁਰ ਦੇ ਜ਼ਿਲ੍ਹਿਆਂ ਵਿਚ ਇਸ ਰਿਆਸਤ ਦਾ ਪਹਿਲਾਂ ਜ਼ਬਤ ਕੀਤਾ ਇਲਾਕਾ ਫਿਰ ਬਹਾਲ ਕਰ ਦਿੱਤਾ ਗਿਆ ਅਤੇ ਝੱਜਰ ਰਿਆਸਤ ਵਿਚੋਂ ਬਾਵਲ ਅਤੇ ਕਾਂਟੀ ਦਾ ਇਲਾਕਾ ਵੀ ਪ੍ਰਦਾਨ ਕੀਤਾ ਗਿਆ। ਰਾਜਾ ਭਰਪੂਰ ਸਿੰਘ ਪੜ੍ਹਿਆ ਲਿਖਿਆ ਅਤੇ ਰਿਆਸਤ ਦੇ ਪ੍ਰਬੰਧ ਵਿਚ ਵੀ ਨਿਪੁਣ ਸੀ। 9 ਨਵੰਬਰ 1863 ਈ. ਵਿਚ ਇਸ ਦੇ ਦੇਹਾਂਤ ਤੋਂ ਬਾਦ ਇਸ ਦਾ ਭਰਾ ਭਗਵਾਨ ਸਿੰਘ ਗੱਦੀ ਉਤੇ ਬੈਠਾ ਜੋ ਰਾਜ-ਪ੍ਰਬੰਧ ਵਿਚ ਯੋਗ ਸਿੱਧ ਨ ਹੋਇਆ। ਉਹ ਵੀ ਅੱਠ ਸਾਲ ਬਾਦ 31 ਮਈ 1871 ਈ. ਨੂੰ ਬੇ-ਔਲਾਦ ਮਰ ਗਿਆ।

ਉਸ ਤੋਂ ਬਾਦ ਬਡਰੁਖਾਂ ਸ਼ਾਖਾ ਦੇ ਸ. ਸੁਖਾ ਸਿੰਘ ਦੇ ਪੁੱਤਰ ਹੀਰਾ ਸਿੰਘ ਨੂੰ ਰਾਜ-ਗੱਦੀ ਦੇ ਵਾਰਸ ਵਜੋਂ ਚੁਣਿਆ ਗਿਆ, ਕਿਉਂਕਿ ਉਹ ਸਭ ਨਾਲੋਂ ਜ਼ਿਆਦਾ ਨਜ਼ਦੀਕੀ ਸੰਬੰਧ ਵਾਲਾ ਸੀ। 10 ਅਗਸਤ 1871 ਈ. ਨੂੰ ਉਹ ਗੱਦੀ ਉਤੇ ਬੈਠਾ। ਉਸ ਨੇ ਦੀਵਾਨ ਸੇਵਾ ਸਿੰਘ ਦੀ ਸਹਾਇਤਾ ਨਾਲ ਸੁਚੱਜੇ ਢੰਗ ਨਾਲ ਰਾਜ ਚਲਾਇਆ। ਉਸ ਨੇ 40 ਸਾਲਾਂ ਦੇ ਰਾਜ-ਕਾਲ ਵਿਚ ਰਿਆਸਤ ਵਿਚ ਕਈ ਪ੍ਰਕਾਰ ਦੇ ਸੁਧਾਰ ਕੀਤੇ। ਨਵੀਆਂ ਇਮਾਰਤਾਂ ਬਣਵਾਈਆਂ, ਖ਼ਾਲਸਾ ਕਾਲਜ, ਅੰਮ੍ਰਿਤਸਰ ਦੇ ਖੋਲ੍ਹਣ ਵੇਲੇ ਕਾਫ਼ੀ ਮਾਇਕ ਸਹਾਇਤਾ ਦਿੱਤੀ, ਮੈਕਾਲਫ਼ ਤੋਂ ਸਿੱਖ ਧਰਮ ਬਾਰੇ ਇਤਿਹਾਸ ਲਿਖਾਉਣ ਵਿਚ ਉਚੇਚੀ ਰੁਚੀ ਵਿਖਾਈ। ਅੰਗ੍ਰੇਜ਼ ਸਰਕਾਰ ਨੇ ਉਸ ਨੂੰ ‘ਮਹਾਰਾਜਾ’ ਪਦ ਪ੍ਰਦਾਨ ਕੀਤਾ। 25 ਦਸੰਬਰ 1911 ਈ. ਨੂੰ ਇਸ ਦਾ ਦੇਹਾਂਤ ਹੋਇਆ। ਇਸ ਤੋਂ ਬਾਦ 24 ਜਨਵਰੀ 1912 ਈ. ਨੂੰ ਟਿੱਕਾ ਰਿਪੁਦਮਨ ਸਿੰਘ (ਵੇਖੋ) ਗੱਦੀ ਉਤੇ ਬੈਠਾ। ਉਹ ਬੜਾ ਸਚੇਤ ਅਤੇ ਸਿੱਖ ਧਰਮ ਬਾਰੇ ਬੜਾ ਪ੍ਰਬੁਧ ਵਿਅਕਤੀ ਸੀ। ਉਸ ਦਾ ਝੁਕਾ ਕਾਂਗ੍ਰਸ ਵਲ ਵੀ ਸੀ। ਉਸ ਨੇ ਆਨੰਦ ਮੈਰਿਜ ਐਕਟ ਪਾਸ ਕਰਾਉਣ ਲਈ ਮੁਢਲੇ ਉਦਮ ਕੀਤੇ। ਨਨਕਾਣਾ ਸਾਹਿਬ ਦੇ ਸਾਕੇ ਵੇਲੇ ਉਸ ਨੇ ਕਾਲੀ ਦਸਤਾਰ ਬੰਨ੍ਹੀ। ਪਟਿਆਲਾ ਰਿਆਸਤ ਨਾਲ ਪੈਦਾ ਹੋਏ ਝਗੜੇ ਵਿਚ ਅੰਗ੍ਰੇਜ਼ ਸਰਕਾਰ ਨੇ ਉਸ ਨੂੰ ਕਸੂਰਵਾਰ ਠਹਿਰਾਇਆ। ਜੁਲਾਈ 1923 ਈ. ਵਿਚ ਉਸ ਨੂੰ ਗੱਦੀਓਂ ਉਤਾਰ ਦਿੱਤਾ ਗਿਆ ਅਤੇ ਤਿੰਨ ਲੱਖ ਸਾਲਾਨਾ ਪੈਨਸ਼ਨ ਦੇ ਕੇ ਦੇਹਰਾਦੂਨ ਭੇਜ ਦਿੱਤਾ ਗਿਆ। ਅਕਾਲੀਆਂ ਨੇ ਇਸ ਫ਼ੈਸਲੇ ਵਿਰੁੱਧ ਰੋਸ ਪ੍ਰਗਟ ਕੀਤਾ ਅਤੇ ਇਸ ਨਿਮਿਤ ਰਖੇ ਗਏ ਅਖੰਡ ਪਾਠ ਦੇ ਖੰਡਿਤ ਹੋਣ’ਤੇ ਅਕਾਲੀਆਂ ਨੇ ‘ਜੈਤੋ ਦਾ ਮੋਰਚਾ ’ ਲਗਾਇਆ।

ਜੁਲਾਈ 1923 ਈ. ਵਿਚ ਰਿਪੁਦਮਨ ਸਿੰਘ ਦੇ ਲੜਕੇ ਪ੍ਰਤਾਪ ਸਿੰਘ ਨੂੰ ਮਹਾਰਾਜਾ ਬਣਾਇਆ ਗਿਆ। ਪਰ ਉਸ ਦੇ ਬਾਲਗ ਹੋਣ ਤਕ ਅੰਗ੍ਰੇਜ਼ ਸਰਕਾਰ ਵਲੋਂ ਨਿਯੁਕਤ ਐਡਮਨਿਸਟ੍ਰੇਟਰ ਸੰਨ 1938 ਈ. ਤਕ ਕੰਮ ਚਲਾਉਂਦਾ ਰਿਹਾ। ਸੰਨ 1948 ਈ. ਤਕ ਮਹਾਰਾਜਾ ਪ੍ਰਤਾਪ ਸਿੰਘ ਰਾਜ ਕਰਦਾ ਰਿਹਾ। ਅਗਸਤ 1948 ਈ. ਵਿਚ ਇਸ ਰਿਆਸਤ ਨੂੰ ਪੰਜਾਬ ਦੀਆਂ ਹੋਰ ਰਿਆਸਤਾਂ ਸਮੇਤਪੈਪਸੂ ’ ਵਿਚ ਸ਼ਾਮਲ ਕਰ ਦਿੱਤਾ ਗਿਆ।

ਇਸ ਰਿਆਸਤ ਦਾ ਕੁਲ ਰਕਬਾ 950 ਮਰਬਾ- ਮੀਲ ਸੀ ਅਤੇ 28 ਲੱਖ ਸਾਲਾਨਾ ਆਮਦਨ ਸੀ। ਸੰਨ 1931 ਈ. ਦੀ ਮਰਦਮਸ਼ੁਮਾਰੀ ਵੇਲੇ ਇਸ ਦੀ ਆਬਾਦੀ 2,87,574 ਸੀ। ਪੰਜਾਬ ਦੀਆਂ ਸਿੱਖ ਰਿਆਸਤਾਂ ਵਿਚ ਇਸ ਦਾ ਤੀਜਾ ਸਥਾਨ ਸੀ।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2851, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਨਾਭਾ ਰਿਆਸਤ ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ

ਨਾਭਾ ਰਿਆਸਤ : ਫੂਲਕੀਆਂ ਰਿਆਸਤਾਂ ਵਿੱਚੋਂ ਇੱਕ ਰਿਆਸਤ ਨਾਭਾ ਵੀ ਸੀ, ਬਾਕੀ ਦੀਆਂ ਦੋ ਰਿਆਸਤਾਂ ਪਟਿਆਲਾ ਅਤੇ ਜੀਂਦ ਸਨ। ਇਸ ਰਿਆਸਤ ਦਾ ਮੁੱਢ ਚੌਧਰੀ ਤਿਲੋਕ ਦੇ ਵੱਡੇ ਪੁੱਤਰ ਹਮੀਰ ਸਿੰਘ ਨਾਲ ਹੋਇਆ। ਹਮੀਰ ਸਿੰਘ ਆਪਣੇ ਦਾਦੇ ਦੇ ਦਿਹਾਂਤ (1754 ਈ.) ਉਪਰੰਤ ਉਸ ਦੇ ਰਾਜ ਦਾ ਮਾਲਕ ਬਣਿਆ ਅਤੇ 1755 ਈ. ਵਿੱਚ ਉਸ ਨੇ ਨਾਭਾ ਸ਼ਹਿਰ ਦੀ ਨੀਂਹ ਰੱਖੀ ਅਤੇ ਇਸ ਨੂੰ ਆਪਣੀ ਰਾਜਧਾਨੀ ਬਣਾ ਲਿਆ। ਨਾਭਾ ਸ਼ਹਿਰ ਪਟਿਆਲੇ ਤੋਂ 25 ਕਿਲੋਮੀਟਰ ਦੀ ਦੂਰੀ ਤੇ ਹੈ। ਉਸ ਨੇ ਜਲਦੀ ਹੀ ਨਾਭੇ ਦੇ ਆਲੇ-ਦੁਆਲੇ ਦੇ ਇਲਾਕਿਆਂ ਜਿਵੇਂ ਕਿ ਭਾਦਸੋਂ (1759 ਈ.), ਅਮਲੋਹ (1763 ਈ.) ਅਤੇ ਰੋੜੀ (1776 ਈ.) ਤੇ ਫਤਿਹ ਪ੍ਰਾਪਤ ਕਰਕੇ ਉਹਨਾਂ ਨੂੰ ਆਪਣੇ ਰਾਜ ਵਿੱਚ ਸ਼ਾਮਲ ਕਰ ਲਿਆ। ਏਹੋ ਹੀ ਨਹੀਂ ਸਗੋਂ ਉਸ ਨੇ ਆਪਣੇ ਨਾਂ ਦਾ ਸਿੱਕਾ ਵੀ ਜਾਰੀ ਕੀਤਾ।

ਰਾਜਾ ਹਮੀਰ ਸਿੰਘ ਦੇ ਦਿਹਾਂਤ ਉਪਰੰਤ ਰਾਜਾ ਜਸਵੰਤ ਸਿੰਘ (ਨਾਬਾਲਗ਼ ਪੁੱਤਰ) ਨਾਭੇ ਦੀ ਗੱਦੀ ਤੇ ਬੈਠਾ। ਮਾਈ ਦੇਸੋ (ਰਾਜਾ ਹਮੀਰ ਸਿੰਘ ਦੀ ਪਤਨੀ) ਉਸ ਦੇ ਬਾਲਗ਼ ਹੋਣ ਤੱਕ ਰਾਜ ਦੇ ਕੰਮ ਸਰਪ੍ਰਸਤ ਦੇ ਤੌਰ ਤੇ ਕਰਦੀ ਰਹੀ। ਰਾਜਾ ਜਸਵੰਤ ਸਿੰਘ ਬੜਾ ਦੂਰ-ਅੰਦੇਸ਼, ਪਰਜਾ ਪਾਲਕ, ਧਰਮ ਪ੍ਰੇਮੀ ਅਤੇ ਵਿਦਵਾਨਾਂ ਦੀ ਕਦਰ ਕਰਨ ਵਾਲਾ ਸੀ। ਉਸ ਨੇ ਰਿਆਸਤ ਨੂੰ ਮਜ਼ਬੂਤ ਬਣਾਇਆ। ਰਾਜਾ ਜਸਵੰਤ ਸਿੰਘ ਤੋਂ ਬਾਅਦ ਰਾਜਾ ਦੇਵਿੰਦਰ ਸਿੰਘ ਨਾਭਾ ਰਿਆਸਤ ਦਾ ਸ਼ਾਸਕ ਬਣਿਆ। ਅੰਗਰੇਜ਼ਾਂ ਅਤੇ ਉਸਦੇ ਆਪਣੇ ਹਿਤਾਂ ਵਿਚਕਾਰ ਟਕਰਾ ਸੀ, ਜਿਸ ਕਾਰਨ ਉਹਨਾਂ ਉਸ ਨੂੰ ਗੱਦੀ ਤੋਂ ਲਾਹ ਕੇ ਮੱਥਰਾ ਭੇਜ ਦਿੱਤਾ ਅਤੇ ਉਸਦੇ ਪੁੱਤਰ ਟਿੱਕਾ ਭਰਪੂਰ ਸਿੰਘ ਨੂੰ ਗੱਦੀ ਤੇ ਬਿਠਾ ਦਿੱਤਾ। ਉਸ ਦੀ ਸਰਪ੍ਰਸਤ ਰਾਣੀ ਚੰਦ ਕੌਰ ਨੇ ਸ਼ਾਸਨ ਬੜੇ ਵਧੀਆ ਢੰਗ ਨਾਲ ਚਲਾਇਆ। ਰਾਜਾ ਭਰਪੂਰ ਸਿੰਘ ਨੂੰ ਅੰਗਰੇਜ਼ੀ, ਪੰਜਾਬੀ, ਹਿੰਦੀ ਅਤੇ ਫ਼ਾਰਸੀ ਭਾਸ਼ਾ ਦਾ ਗਿਆਨ ਸੀ। ਆਪਣੇ ਚੰਗੇ ਸ਼ਾਸਨ ਕਰਕੇ ਉਹ ਲੋਕਾਂ ਵਿੱਚ ਹਰਮਨ ਪਿਆਰਾ ਸੀ। ਉਸਦੇ ਬ੍ਰਿਟਿਸ਼ ਸਰਕਾਰ ਨਾਲ ਬਹੁਤ ਚੰਗੇ ਸੰਬੰਧ ਸਨ ਅਤੇ 1857 ਈ. ਦੇ ਗਦਰ ਸਮੇਂ ਉਸ ਨੇ ਅੰਗਰੇਜ਼ਾਂ ਦੀ ਸਹਾਇਤਾ ਵੀ ਕੀਤੀ, ਜਿਸ ਦੇ ਨਤੀਜੇ ਵਜੋਂ ਉਸ ਨੂੰ ਗਵਰਨਰ ਕੌਂਸਲ ਦਾ ਮੈਂਬਰ ਬਣਾਇਆ ਗਿਆ।

1864-71 ਈ. ਦੇ ਸਮੇਂ ਰਾਜਾ ਭਗਵਾਨ ਸਿੰਘ ਗੱਦੀ ਤੇ ਬੈਠਾ। ਪਰੰਤੂ ਉਹ ਅਯੋਗ ਸ਼ਾਸਕ ਸਿੱਧ ਹੋਇਆ ਅਤੇ ਬੇ ਔਲਾਦ ਹੀ ਮਰ ਗਿਆ। ਉਸ ਉਪਰੰਤ ਮਹਾਰਾਜਾ ਹੀਰਾ ਸਿੰਘ ਪੁੱਤਰ ਸੁੱਖਾ ਸਿੰਘ ਰਾਇਸ ਦਾ ਬੱਡਰੁੱਖਾ, ਜੋ ਜੀਂਦ ਰਿਆਸਤ ਦਾ ਇੱਕ ਪਿੰਡ ਸੀ, ਨਾਭੇ ਦੀ ਰਿਆਸਤ ਦੇ ਤਖ਼ਤ ਤੇ ਬੈਠਾ। ਉਸ ਨੇ ਰਾਜ ਦੀ ਬਿਹਤਰੀ ਲਈ ਬਹੁਤ ਕੰਮ ਕਰਵਾਏ ਅਤੇ ਪਰਜਾ ਉਸ ਤੋਂ ਬਹੁਤ ਖ਼ੁਸ਼ ਸੀ। ਉਸ ਨੇ ਲਗਪਗ 40 ਸਾਲ ਤੱਕ ਰਾਜ ਕੀਤਾ। ਅੰਗਰੇਜ਼ਾਂ ਕੋਲੋਂ ਉਸ ਨੇ ਰਾਜਾ-ਏ-ਰਾਜਗਾਨ (1894 ਈ.) ਦਾ ਖ਼ਿਤਾਬ ਅਤੇ ਮਹਾਰਾਜਾ ਦਾ ਖ਼ਿਤਾਬ 1911 ਈ. ਵਿੱਚ ਪ੍ਰਾਪਤ ਕੀਤਾ। ਮਹਾਰਾਜਾ ਹੀਰਾ ਸਿੰਘ ਦੇ ਪ੍ਰਲੋਕ ਸਿਧਾਰਨ ਉਪਰੰਤ ਉਸ ਦਾ ਪੁੱਤਰ ਮਹਾਰਾਜਾ ਰਿਪੁਦਮਨ ਸਿੰਘ ਗੱਦੀ ਤੇ ਬੈਠਾ। ਉਹ ਆਪਣੇ ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦਾ ਗੁਰੂ ਘਰ ਨਾਲ ਅਥਾਹ ਪਿਆਰ ਸੀ। ਅੰਮ੍ਰਿਤ ਛੱਕਣ ਉਪਰੰਤ ਉਸ ਨੇ ਆਪਣਾ ਨਾਂ ਗੁਰਚਰਨ ਸਿੰਘ ਰੱਖ ਲਿਆ। ਮੁੱਢ ਵਿੱਚ ਬ੍ਰਿਟਿਸ਼ ਸਰਕਾਰ ਨਾਲ ਉਸ ਦੇ ਸੰਬੰਧ ਠੀਕ-ਠੀਕ ਸਨ। ਉਹ ਇੰਗਲੈਂਡ ਵੀ ਗਿਆ। ਜਾਰਜ ਪੰਜਵੇਂ ਦੀ ਗੱਦੀ-ਨਸ਼ੀਨੀ ਸਮੇਂ ਉਹ ਇੰਗਲੈਂਡ ਵਿੱਚ ਸੀ। ਪਿੱਛੋਂ ਬਰਤਾਨਵੀ ਸਰਕਾਰ ਨਾਲ ਉਸ ਦੇ ਸੰਬੰਧ ਠੀਕ ਨਾ ਰਹੇ ਅਤੇ ਉਹਨਾਂ ਉਸ ਨੂੰ ਜੁਲਾਈ, 1923 ਈ. ਵਿੱਚ ਗੱਦੀ ਤੋਂ ਉਤਾਰ ਦਿੱਤਾ ਅਤੇ ਕੋਡੋਕਨਾਲ ਵਿਖੇ ਸਰਕਾਰੀ ਨਿਗਰਾਨੀ ਹੇਠ ਰੱਖਿਆ। ਗੱਦੀ ਉੱਪਰ ਉਸ ਦੇ ਨਾਬਾਲਗ਼ ਪੁੱਤਰ ਮਹਾਰਾਜਾ ਪ੍ਰਤਾਪ ਸਿੰਘ ਨੂੰ ਬਿਠਾਇਆ ਗਿਆ। ਉਸ ਦੀ ਉਮਰ ਉਸ ਵੇਲੇ ਕੇਵਲ ਤਿੰਨ ਸਾਲ ਦੀ ਸੀ।

ਨਾਭਾ ਰਿਆਸਤ ਦੇ ਲਗਪਗ ਸਾਰੇ ਹੀ ਸ਼ਾਸਕ ਵਿੱਦਿਆ ਦੇ ਖੇਤਰ ਵਿੱਚ ਆਪਣੀ ਸਮਰੱਥਾ ਅਨੁਸਾਰ ਯੋਗਦਾਨ ਪਾਉਂਦੇ ਰਹੇ। ਖ਼ਾਸ ਤੌਰ ਤੇ ਰਾਜਾ ਹੀਰਾ ਸਿੰਘ, ਰਾਜਾ ਰਿਪੁਦਮਨ ਸਿੰਘ, ਮਹਾਰਾਜਾ ਪ੍ਰਤਾਪ ਸਿੰਘ ਨੇ ਤਾਂ ਰਿਆਸਤ ਦੀ ਸਿੱਖਿਆ ਵੱਲ ਖ਼ਾਸ ਧਿਆਨ ਦਿੱਤਾ। ਉਹਨਾਂ ਰਿਆਸਤ ਵਿੱਚ ਬਹੁਤ ਸਾਰੇ ਸਕੂਲ ਅਤੇ ਕਾਲਜ ਖੁੱਲ੍ਹਵਾਏ। ਉਹ ਵਿਦਵਾਨਾਂ ਦਾ ਬਹੁਤ ਸਤਿਕਾਰ ਅਤੇ ਸਰਪ੍ਰਸਤੀ ਵੀ ਕਰਦੇ ਸਨ। ਭਾਈ ਕਾਨ੍ਹ ਸਿੰਘ ਦੀ ਸਰਪ੍ਰਸਤੀ ਵੀ ਇੱਥੋਂ ਦੇ ਮਹਾਰਾਜੇ ਨੇ ਕੀਤੀ ਅਤੇ ਇਸ ਕਰਕੇ ਉਹ ਆਪਣੀ ਮਹਾਨ ਰਚਨਾ ਗੁਰਸ਼ਬਦ ਰਤਨਾਕਰ ਮਹਾਨ ਕੋਸ਼ ਕਰਨ ਵਿੱਚ ਸਫਲ ਹੋਏ ਜਿਸ ਨੂੰ ਬਾਅਦ ਵਿੱਚ (1930 ਈ.) ਮਹਾਰਾਜਾ ਭੂਪਿੰਦਰ ਸਿੰਘ, ਪਟਿਆਲਾ ਰਿਆਸਤ, ਨੇ ਛਪਵਾਇਆ।

ਨਾਭਾ ਰਿਆਸਤ ਦਾ ਕੁੱਲ ਰਕਬਾ 968 ਵਰਗ ਮੀਲ ਸੀ। ਇਹ ਰਿਆਸਤ ਪਟਿਆਲਾ, ਕਪੂਰਥਲਾ ਅਤੇ ਜੀਂਦ ਰਿਆਸਤਾਂ ਉਪਰੰਤ ਖੇਤਰਫਲ ਵਜੋਂ ਆਪਣਾ ਦਰਜਾ ਰੱਖਦੀ ਸੀ। 1941ਈ. ਦੀ ਜਨਗਣਨਾ ਅਨੁਸਾਰ ਨਾਭਾ ਰਿਆਸਤ ਦੀ ਜਨ-ਸੰਖਿਆ 3 ਲੱਖ, 40 ਹਜ਼ਾਰ ਸੀ। ਨਾਭਾ ਰਿਆਸਤ ਦੇ ਲੋਕਾਂ ਦਾ ਮੁੱਖ ਧੰਦਾ ਖੇਤੀ-ਬਾੜੀ ਸੀ ਪਰੰਤੂ ਕੁਝ ਲੋਕ ਵਪਾਰ ਅਤੇ ਨੌਕਰੀ ਵੀ ਕਰਦੇ ਸਨ। ਇਸ ਰਿਆਸਤ ਦਾ ਮੌਸਮ ਗਰਮੀਆਂ ਵਿੱਚ ਅਤਿ ਗਰਮੀ ਦਾ ਅਤੇ ਸਰਦੀਆਂ ਵਿੱਚ ਅਤਿ ਸਰਦੀ ਵਾਲਾ ਸੀ। ਇੱਥੋਂ ਦੀ ਪੈਦਾਵਾਰ ਕਣਕ, ਮੱਕੀ, ਜੌਂ ਗੰਨਾ ਆਦਿ ਸੀ। ਇੱਥੋਂ ਦੇ ਲੋਕ ਜੋ ਵੱਖ-ਵੱਖ ਧਰਮਾਂ ਨਾਲ ਸੰਬੰਧਿਤ ਸਨ ਅਤੇ ਉਹ ਆਪਣੇ-ਆਪਣੇ ਧਾਰਮਿਕ ਸਥਾਨਾਂ ਤੇ ਬੜੀ ਸ਼ਰਧਾ ਨਾਲ ਜਾਂਦੇ ਸਨ ਅਤੇ ਕਈ ਤਿਉਹਾਰ ਸਾਂਝੇ ਵੀ ਮਨਾਉਂਦੇ ਸਨ।

1947 ਵਿੱਚ ਭਾਰਤ ਦੇ ਦੂਸਰੇ ਰਾਜਾਂ ਵਾਂਗ ਨਾਭਾ ਰਿਆਸਤ ਵੀ ਭਾਰਤੀ ਯੂਨੀਅਨ ਰਾਜ ਵਿੱਚ ਸ਼ਾਮਲ ਹੋ ਗਈ। 1948 ਈ. ਵਿੱਚ ਜਦੋਂ ਪੈਪਸੂ ਹੋਂਦ ਵਿੱਚ ਆਇਆ ਤਾਂ ਇਹ ਰਿਆਸਤ ਉਸ ਦਾ ਇੱਕ ਹਿੱਸਾ ਬਣ ਗਈ। ਪੈਪਸੂ ਦਾ ਮੁੱਖ ਪ੍ਰਬੰਧਕ ਰਾਜਪ੍ਰਮੁੱਖ ਦੇ ਅਹੁਦੇ ਨਾਲ ਪਟਿਆਲੇ ਦੇ ਮਹਾਰਾਜੇ ਯਾਦਵਿੰਦਰ ਸਿੰਘ ਨੂੰ ਬਣਾਇਆ ਗਿਆ।


ਲੇਖਕ : ਨਵਤੇਜ ਸਿੰਘ,
ਸਰੋਤ : ਬਾਲ ਵਿਸ਼ਵਕੋਸ਼ (ਸਮਾਜਿਕ ਵਿਗਿਆਨ), ਭਾਗ ਦੂਜਾ ਜਿਲਦ ਦੂਜੀ, ਹੁਣ ਤੱਕ ਵੇਖਿਆ ਗਿਆ : 890, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-03-25-11-37-00, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.